ਸਰੀ, 9 ਜੂਨ 2020 – ਸਰੀ ਦੀ ਇਕ ਸਕੂਲੀ ਲੜਕੀ ਨੇ ਆਪਣੇ ਘਰ ਵਿਚ ਫੇਸ ਮਾਸਕ ਤਿਆਰ ਕਰਕੇ ਕੋਰੋਨਾ ਦੀਆਂ ਛੁੱਟੀਆਂ ਦਾ ਸਦਉਪਯੋਗ ਕੀਤਾ ਅਤੇ ਇਹ ਮਾਸਕ ਵੇਚ ਕੇ ਜੋ ਰਾਸ਼ੀ ਪ੍ਰਾਪਤ ਹੋਈ ਉਹ ਹਸਪਤਾਲ ਫਾਊਂਡੇਸ਼ਨਾਂ ਨੂੰ ਦਾਨ ਕਰਕੇ ਇਕ ਮਿਸਾਲ ਕਾਇਮ ਕੀਤੀ ਹੈ।
ਸਮਾਜ ਸੇਵਾ ਦਾ ਇਹ ਕਾਰਜ 14 ਸਾਲਾਂ ਦੀ ਤਵੀਸ਼ਾ ਕੋਛੜ ਨੇ ਕੀਤਾ ਹੈ ਜੋ ਗਰੇਡ 9 ਦੀ ਵਿਦਿਆਰਥਣ ਹੈ। ਉਹ ਹੁਣ ਤੱਕ 500 ਰੀਯੂਜ਼ੇਬਲ ਮਾਸਕ ਤਿਆਰ ਕਰਕੇ ਵੇਚ ਚੁੱਕੀ ਹੈ ਅਤੇ ਇਨ੍ਹਾਂ ਤੋਂ ਪ੍ਰਾਪਤ ਹੋਏ 2,300 ਡਾਲਰ ਬੀ.ਸੀ. ਚਿਲਡਰਨਜ਼, ਸੇਂਟ ਪੌਲਜ਼ ਅਤੇ ਸਰੀ ਹਸਪਤਾਲ ਫਾਊਂਡੇਸ਼ਨ ਨੂੰ ਦੇ ਚੁੱਕੀ ਹੈ ਅਤੇ ਕੁਝ ਮਾਸਕ ਲੋੜਵੰਦ ਲੋਕਾਂ ਨੂੰ ਵੀ ਵੰਡ ਚੁੱਕੀ ਹੈ।
ਬਹੁਤ ਹੀ ਹੋਣਹਾਰ ਤਵੀਸ਼ਾ ਨੇ ਦੱਸਿਆ ਕਿ ਉਸ ਨੇ ਰੀਯੂਜ਼ਏਬਲ ਮਾਸਕ ਬਣਾਉਣ ਦਾ ਕੰਮ ਇਸ ਲਈ ਕੀਤਾ ਤਾਂ ਕਿ ਉਹ ਵਾਤਾਵਰਣ ਨੂੰ ਬਚਾਉਣ ਲਈ ਕੁਝ ਕਰ ਸਕੇ। ਉਸ ਨੇ ਸਸਤੇ ਮਾਸਕ ਤਿਆਰ ਕੀਤੇ ਤਾਂ ਜੋ ਇਹ ਆਮ ਲੋਕਾਂ ਦੀ ਪਹੁੰਚ ਵਿਚ ਆ ਸਕਣ।
ਛੋਟੀ ਉਮਰ ਦੀ ਤਵੀਸ਼ਾ ਦੇ ਇਸ ਵੱਡੇ ਕਾਰਜ ਨੇ ਕੁਝ ਵੱਡੀਆਂ ਕਾਰਪੋਰੇਸ਼ਨਾਂ ਦਾ ਧਿਆਨ ਖਿੱਚਿਆ ਹੈ। ਲੋਕਲ ਸੇਫਵੇਅ ਅਤੇ ਮਾਰਜਰੀਨ ਕੰਪਨੀ ਬੇਸਲ ਨੇ ਮਾਸਕ ਬਣਾਉਣ ਲਈ ਉਸ ਨੂੰ ਆਰਡਰ ਵੀ ਦੇ ਦਿੱਤੇ ਹਨ।