ਚੰਡੀਗੜ੍ਹ – ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ, ਲੇਖਕ ਅਤੇ ਡਾਇਰੈਕਟਰ ਸੁਖਜਿੰਦਰ ਸ਼ੇਰਾ ਦਾ ਦੇਹਾਂਤ ਹੋ ਗਿਆ ਹੈ। ਸ਼ੇਰਾ ਨੇ ਅਫ਼ਰੀਕੀ ਮੁਲਕ ਯੁਗਾਂਡਾ ਵਿਖੇ ਆਪਣੇ ਆਖਰੀ ਸਾਹ ਲਏ। 17 ਅਪ੍ਰੈਲ ਨੂੰ ਉਹ ਯੁਗਾਂਡਾ ਵਿਖੇ ਆਪਣੇ ਇਕ ਦੋਸਤ ਕੋਲ ਗਏ ਸਨ ਅਤੇ ਕੁਝ ਦਿਨ ਪਹਿਲਾਂ ਉਹ ਬਿਮਾਰ ਹੋ ਗਏ ਅਤੇ ਬੀਤੀ ਕੱਲ੍ਹ ਉਨ੍ਹਾਂ ਦੀ ਮੌਤ ਹੋ ਗਈ।ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਇੱਥੇ ਲਿਆਉਣ ਲਈ ਮੰਗ ਕੀਤੀ ਹੈ। ਜ਼ਿਕਰਯੋਗ ਹੈ ਸੁਖਜਿੰਦਰ ਸ਼ੇਰਾ ਦੀ ਪਹਿਲੀ ਫ਼ਿਲਮ ‘ਯਾਰੀ ਜੱਟ’ ਦੀ ਸੀ, ਜੋ ਵਰਿੰਦਰ ਨਾਲ ਸੀ ਅਤੇ ਇਹ ਫ਼ਿਲਮ ਜਿੱਥੇ ਸੁਪਰ ਡੁਪਰ ਹਿੱਟ ਹੋਈ ਸੀ, ਨਾਲ ਹੀ ਸ਼ੇਰਾ ਨੇ ‘ਜੱਟ ਤੇ ਜ਼ਮੀਨ’ ਫਿਲਮ ਨਾਲ ਵੀ ਕਾਫੀ ਪ੍ਰਸਿੱਧੀ ਖੱਟੀ ਸੀ।ਸੁਖਜਿੰਦਰ ਸ਼ੇਰਾ ਦੇ ਦੋਸਤ ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵੇਲੇ ਕੋਰੋਨਾ ਕਾਰਨ ਸਾਰੀਆਂ ਫਲਾਇਟਾਂ ਬੰਦ ਹਨ ਜਿਸ ਕਾਰਨ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਣਾ ਮੁਸ਼ਕਿਲ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਸ਼ੇਰਾ ਨੂੰ ਬਿਮਾਰ ਹੋਣ ਤੋਂ ਬਾਅਦ ਯੁਗਾਂਡਾ ਦੇ ਜੀਂਜਾਂ ਹਸਪਤਾਲ ‘ਚ ਦਾਖਲ ਕਰਵਾਇਆ ਸੀ ਜਿੱਥੇ ਸੇਰਾ ਨੇ ਆਪਣੇ ਆਖਰੀ ਸਾਹ ਲਏ।ਇਸ ਮੌਕੇ ਫਿਲਮ ਪ੍ਰੋਡਿਊਸਰ ਇਕਬਾਲ ਸਿੰਘ ਵੱਲੋਂ ਸੁਖਜਿੰਦਰ ਸ਼ੇਰਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।