ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਈ ਸ਼ਹਿਰਾਂ ਵਿੱਚ ਆਕਸੀਜਨ ਅਤੇ ਆਈ.ਸੀ.ਯੂ. ਬੈੱਡ ਦੀ ਘਾਟ ਦੀਆਂ ਖ਼ਬਰਾਂ ਵਿਚਾਲੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਸ ਸਥਿਤੀ ਲਈ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਕੋਰੋਨਾ ਵਾਇਰਸ ਕਾਰਨ ਆਕਸੀਜਨ ਦਾ ਪੱਧਰ ਡਿੱਗ ਸਕਦਾ ਹੈ ਪਰ ਆਕਸੀਜਨ ਦੀ ਘਾਟ ਅਤੇ ਆਈ.ਸੀ.ਯੂ. ਬੈੱਡ ਦੀ ਘਾਟ ਕਾਰਨ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਹਨ। ਭਾਰਤ ਸਰਕਾਰ ਇਸ ਲਈ ਜ਼ਿੰਮੇਵਾਰ ਹੈ।ਜਿਕਰਯੋਗ ਹੈ ਕਿ ਦੇਸ਼ ਦੇ ਕਈ ਸ਼ਹਿਰਾਂ ਵਿੱਚ ਆਕਸੀਜਨ ਦੀ ਘਾਟ ਦੀਆਂ ਖ਼ਬਰਾਂ ਆ ਰਹੀਆਂ ਹਨ। ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਗੰਭੀਰ ਰੂਪ ਨਾਲ ਬੀਮਾਰ 25 ਮਰੀਜ਼ਾਂ ਦੀ ਮੌਤ ਹੋ ਗਈ। ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆ ਹੋਏ ਘਟਨਾ ਦੇ ਪਿੱਛੇ ਸੰਭਾਵਿਤ ਕਾਰਨ ਆਕਸੀਜਨ ਦੀ ਘਾਟ ਨੂੰ ਦੱਸਿਆ ਹੈ। ਰਾਹੁਲ ਨੇ ਮਹਾਰਾਸ਼ਟਰ ਦੇ ਵਿਰਾਰ ਵਿੱਚ ਇਕ ਨਿੱਜੀ ਹਸਪਤਾਲ ਵਿੱਚ ਅੱਗ ਦੀ ਘਟਨਾ ਤੇ ਕਈ ਕੋਵਿਡ ਮਰੀਜ਼ਾਂ ਦੀ ਮੌਤ ਤੇ ਵੀ ਦੁਖ ਜਤਾਇਆ।