ਮੁੰਬਈ – ਚੇਨਈ ਸੁਪਰ ਕਿੰਗਜ਼ ਨੇ ਫਾਫ ਡੁਪਲੈਸਿਸ ਤੇ ਰਿਤੂਰਾਜ ਗਾਇਕਵਾੜ ਦੀਆਂ ਸ਼ਾਨਦਾਰ ਪਾਰੀਆਂ ਤੋਂ ਬਾਅਦ ਦੀਪਕ ਚਾਹਰ (29 ਦੌੜਾਂ ’ਤੇ ਚਾਰ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਇੱਥੇ ਆਈਪੀਐੱਲ ਦੇ ਮੈਚ ’ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 18 ਦੌੜਾਂ ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਚੇਨੱਈ ਨੇ 220 ਦੌੜਾਂ ਬਣਾ ਕੇ ਕੋਲਕਾਤਾ ਨੂੰ 221 ਦੌੜਾਂ ਦਾ ਟੀਚਾ ਦਿੱਤਾ ਪਰ ਕੋਲਕਾਤਾ ਦੀ ਟੀਮ 202 ਬਣਾ ਕੇ ਆਊਟ ਹੋ ਗਈ। ਇਸ ਤੋਂ ਪਹਿਲਾਂ ਚੇਨੱਈ ਸੁਪਰ ਕਿੰਗਜ਼ ਨੇ ਫਾਫ ਡੁਪਲੈਸਿਸ ਦੀ 95 ਦੌੜਾਂ ਦੀ ਨਾਬਾਦ ਅਤੇ ਰਿਤੂਰਾਜ ਗਾਇਕਵਾੜ ਦੀ 64 ਦੌੜਾਂ ਦੀ ਅਰਧ ਸੈਂਕੜੇ ਦੀ ਪਾਰੀ ਦੀ ਬਦੌਲਤ ਅੱਜ ਇੱਥੇ ਆਈਪੀਐੱਲ ਦੇ ਟੀ-20 ਮੁਕਾਬਲੇ ’ਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਤਿੰਨ ਵਿਕਟਾਂ ਗੁਆ ਕੇ 220 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਚੇਨੱਈ ਸੁਪਰ ਕਿੰਗਜ਼ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਾਵਰਪਲੇਅ ’ਚ ਬਿਨਾਂ ਵਿਕਟ ਗੁਆਏ 54 ਦੌੜਾਂ ਬਣਾਈਆਂ। ਦੱਖਣੀ ਅਫਰੀਕੀ ਕ੍ਰਿਕਟਰ ਡੁਪਲੈਸਿਸ ਨੇ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਅਖੀਰ ਤੱਕ ਡਟਿਆ ਰਿਹਾ। ਉਸ ਨੇ ਆਪਣੀ ਪਾਰੀ ਦੌਰਾਨ 60 ਗੇਂਦਾਂ ’ਚ 9 ਚੌਕੇ ਤੇ ਚਾਰ ਛੱਕੇ ਜੜ੍ਹੇ। ਉਸ ਨੇ ਅਤੇ ਰਿਤੂਰਾਜ ਨੇ ਪਹਿਲੀ ਵਿਕਟ ਲਈ 115 ਦੌੜਾਂ ਦੀ ਭਾਈਵਾਲੀ ਕੀਤੀ।