“ਕੋਵਿਡ ਮਹਾਂਮਾਰੀ ਦੇ ਇਕ ਸਾਲ ਤੋਂ ਵੱਧ ਸਮਾਂ ਹੋਣ ਦੇ ਬਾਵਜੂਦ ਸਿਹਤ ਬੁਨਿਆਦੀ ਢਾਂਚਾ ਸਿਰਜਣ ਵਿੱਚ ਮੋਦੀ ਸਰਕਾਰ ਬੁਰੀ ਤਰਾਂ ਅਸਫ਼ਲ ਰਹੀ’’
ਚੰਡੀਗੜ – ਕਰੋਨਾ ਵਿਰੁੱਧ ਜੰਗ ਵਿੱਚ ਅਸਫ਼ਲ ਰਹਿਣ ਅਤੇ ਸੂਬਿਆਂ ਨੂੰ ਮੁੱਢਲੀਆਂ ਡਾਕਟਰੀ ਸੁਵਿਧਾਵਾਂ ਮੁਹੱਈਆ ਕਰਵਾਉਣ ਵਿੱਚ ਅਸਮਰੱਥ ਕੇਂਦਰ ਸਰਕਾਰ ’ਤੇ ਵਰਦਿਆਂ ਪੰਜਾਬ ਦੇ ਖੇਡ, ਯੁਵਾ ਅਤੇ ਐਨ.ਆਰ.ਆਈ. ਮਾਮਲਿਆਂ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਨੇ ਮੈਡੀਕਲ ਆਕਸੀਜਨ ਦੀ ਫਰਜੀ ਖੜੀ ਕੀਤੀ ਕਮੀ ਨੂੰ ਮਨੱਖਤਾ ਦੀ ਹੱਤਿਆ ਦੱਸਿਆ ਹੈ।ਰਾਣਾ ਸੋਢੀ ਨੇ ਕਿਹਾ ਕਿ ਭਾਰਤ ਸਰਕਾਰ ਦੇਸ਼ ਦੇ ਨਾਗਰਿਕਾਂ ਨੂੰ ਜ਼ਰੂਰੀ ਰਾਹਤ ਮੁਹੱਇਆ ਕਰਵਾਉਣ ਵਿੱਚ ਬੁਰੀ ਤਰਾਂ ਅਸਫਲ ਰਹੀ ਹੈ ਅਤੇ ਜਖੀਰੇਬਾਜ਼ ਮੈਡੀਕਲ ਆਕਸੀਜਨ ਦੀ ਜਖੀਰੇਬਾਜੀ ਕਰਨ ਵਿੱਚ ਪੂਰੀ ਤਰਾਂ ਸਰਗਰਮ ਹਨ।ਉਨਾਂ ਕਿਹਾ ਕਿ ਕੋਵਿਡ ਵੈਕਸੀਨ ਤੇ ਹੋਰ ਜੀਵਨ ਬਚਾਊ ਦਵਾਈਆਂ ਦੀ ਭਾਰੀ ਕਮੀ ਕਾਰਨ ਸਰਕਾਰ ਪ੍ਰਤੀ ਲੋਕਾਂ ਵਿੱਚ ਗੁੱਸਾ ਵਧ ਰਿਹਾ ਹੈ। ਵੈਕਸੀਨ ਦੀ ਸੰਭਾਵਿਤ ਕਮੀ ਬਾਰੇ ਪੂਰੀ ਤਰਾਂ ਜਾਣੂ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਹੋਰ ਵੈਕਸੀਨਾਂ ਦੀ ਪ੍ਰਵਾਨਗੀ ਤੋਂ ਪਾਸਾ ਵੱਟਿਆ। ਕੇਂਦਰ ਸਰਕਾਰ ਦੋ ਪ੍ਰਾਈਵੇਟ ਕੰਪਨੀਆਂ ਦੇ ਵੱਡੀ ਪੱਧਰ ਦੇ ਉਤਪਾਦਨ ਉਤੇ ਭਰੋਸਾ ਕਰਦੀ ਰਹੀ ਪਰ ਇਹ ਕੋਸ਼ਿਸ਼ਾਂ ਪੂਰੀ ਤਰਾਂ ਬੇਅਰਥ ਰਹੀਆਂ। ਰਾਣਾ ਗੁਰਮੀਤ ਸਿਘ ਸੋਢੀ ਨੇ ਕਿਹਾ ਕਿ ਕੋਵਿਡ ਦੀ ਦਵਾਈ ਦੀ ਢੁਕਵੀਂ ਮਾਤਰਾ ਵਿੱਚ ਸਪਲਾਈ ਦੀ ਅਸਫ਼ਲਤਾ ਦੇ ਨਤੀਜੇ ਵਜੋਂ ਵੱਖ ਵੱਖ ਸੂਬਿਆਂ ਦੇ ਅਨੇਕਾਂ ਵੈਕਸੀਨ ਕੇਂਦਰਾਂ ਵਿਖੇ ਵੈਕਸੀਨ ਮੁਹਿੰਮ ਬੰਦ ਕਰ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਬਿਨਾਂ ਦਵਾਈ ਦਿੱਤੇ ਵਾਪਿਸ ਮੋੜਿਆ ਦਾ ਰਿਹਾ ਹੈ। ਉਨਾਂ ਕਿਹਾ ਕਿ ਸਮੁੱਚੇ ਦੇਸ਼ ਵਿੱਚ ਸਥਿਤੀ ਬਹੁਤ ਗੰਭੀਰ ਹੈ। ਦੇਸ਼ ਵਿੱਚ ਸਿਹਤ ਸੰਭਾਲ ਸੁਵਿਧਾਵਾਂ ਦੀ ਬਹੁਤ ਜਅਿਾਦਾ ਜ਼ਰੂਰਤ ਹੈ ਅਤੇ ਕੇਂਦਰ ਸਰਕਾਰ ਰੋਮ ਦੇ ਬਾਦਸਾਹ ਨੀਰੋ ਵਾਂਗ ਤਲਖ ਹਕੀਕਤਾਂ ਨੂੰ ਅੱਖੋਂ ਪਰੋਖੇ ਕਰ ਰਹੀ ਹੈ।ਸਾਬਕਾ ਪ੍ਰਧਾਨ ਮੰਤਰੀ ਅਤੇ ਵਿਸ਼ਵ ਪ੍ਰਸਿੱਧੀ ਪ੍ਰਾਪਤ ਆਰਥਿਕ ਮਾਹਿਰ ਡਾਕਟਰ ਮਨਮੋਹਨ ਸਿੰਘ ਦੀ ਸਲਾਹ ’ਤੇ ਘਟੀਆ ਸਿਆਸਤ ਕਰਨ ਲਈ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਰਾਣਾ ਸੋਢੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਭਾਰਤੀ ਸਭਿਆਚਾਰ ਅਤੇ ਰਵਾਇਤਾਂ ਦਾ ਨਿਰਾਦਰ ਕਰਨ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਦੇ ਮਾਣ ਸਨਮਾਣ ਨੂੰ ਵੀ ਢਾਹ ਲਾਈ ਹੈ। ਉਨਾਂ ਕਿਹਾ ਕਿ ਡਾਕਟਰ ਹਰਸ ਵਰਧਨ ਨੂੰ ਇਸ ਮਾਰੂ ਵਾਇਰਸ ਨਾਲ ਲੜਨ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਨਾ ਕਿ ਚੰਗੀ ਭਾਵਨਾ ਨਾਲ ਭੇਜੇ ਗਏ ਪੱਤਰ ’ਤੇ ਤੁੱਛ ਸਿਆਸਤ ਰਾਹੀਂ ਲਾਹਾ ਖੱਟਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।