ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਹੈਦਰਾਬਾਦ ਕ੍ਰਿਕਟ ਸੰਘ (ਐੱਚ. ਸੀ. ਏ.) ਦੇ ਮੁਖੀ ਮੁਹੰਮਦ ਅਜ਼ਹਰੂਦੀਨ ਨੇ ਐਤਵਾਰ ਨੂੰ ਪ੍ਰਸਤਾਵ ਦਿੱਤਾ ਕਿ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਕਾਰਨ ਜੇਕਰ ਮੁੰਬਈ ਤੋਂ ਮੈਚਾਂ ਨੂੰ ਹਟਾਉਣਾ ਪੈਂਦਾ ਹੈ ਤਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਇਸ ਦੇ ਲਈ ਉਨ੍ਹਾਂ ਦੇ ਸੂਬੇ ਦੀਆਂ ਸਹੂਲਤਾਂ ਦਾ ਇਸਤੇਮਾਲ ਕਰ ਸਕਦਾ ਹੈ।ਬੀ. ਸੀ. ਸੀ. ਆਈ. ਨੇ ਮੁੰਬਈ ਵਿਚ ਕੋਵਿਡ-19 ਮਾਮਲਿਆਂ ਦੇ ਤੇਜ਼ੀ ਨਾਲ ਵਧਣ ਤੋਂ ਬਾਅਦ ਇੰਦੌਰ ਤੇ ਹੈਦਰਾਬਾਦ ਨੂੰ ਆਗਾਮੀ 9 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. ਲਈ ‘ਸਟੈਂਡ ਬਾਈ’ ਦੇ ਤੌਰ ’ਤੇ ਤਿਆਰ ਰਹਿਣ ਨੂੰ ਕਿਹਾ ਹੈ। ਮੁੰਬਈ ਨੂੰ 10 ਮੈਚਾਂ ਦੀ ਮੇਜ਼ਬਾਨੀ ਕਰਨੀ ਹੈ। ਇਹ ਸਥਿਤੀ ਵਾਨਖੇੜੇ ਸਟੇਡੀਅਮ ਦੇ 10 ਮੈਦਾਨ ਕਰਮਚਾਰੀਆਂ ਤੇ ਪ੍ਰਤੀਯੋਗਿਤਾ ਮੈਨੇਜਮੈਂਟ ਨਾਲ ਜੁੜੇ 6 ਪ੍ਰਬੰਧਕਾਂ ਦੇ ਕੋਵਿਡ-19 ਤੋਂ ਪਾਜ਼ੇਟਿਵ ਹੋਣ ਤੋਂ ਬਾਅਦ ਹੋਰ ਗੰਭੀਰ ਹੋ ਗਈ ਹੈ। ਅਜ਼ਹਰੂਦੀਨ ਨੇ ਟਵਿਟਰ ’ਤੇ ਲਿਖਿਆ,‘‘ਇਹ ਮੁਸ਼ਕਿਲ ਸਮਾਂ ਸਾਰਿਆਂ ਦੇ ਇਕਜੁੱਟ ਰਹਿਣ ਦਾ ਇਕ ਹੋਰ ਕਾਰਨ ਹੈ। ਹੈਦਰਾਬਾਦ ਕ੍ਰਿਕਟ ਸੰਘ ਆਪਣੀਆਂ ਸਹੂਲਤਾਂ ਨੂੰ ਬੀ. ਸੀ. ਸੀ. ਆਈ. ਨੂੰ ਪ੍ਰਦਾਨ ਕਰਨਾ ਚਾਹੇਗਾ ਤਾਂ ਕਿ ਇਹ ਤੈਅ ਹੋ ਸਕੇ ਕਿ ਆਈ. ਪੀ. ਐੱਲ. 2021 ਸੁਰੱਖਿਅਤ ਸਥਾਨਾਂ ’ਤੇ ਆਯੋਜਿਤ ਕੀਤਾ ਜਾਵੇ।’’