ਨਵੀਂ ਦਿੱਲੀ – ਸੰਸਦ ’ਚ ਸੋਮਵਾਰ ਨੂੰ ਸ਼ੁਰੂ ਹੋ ਰਹੇ ਬਜਟ ਸੈਸ਼ਨ ਦੇ ਦੂਜੇ ਹਿੱਸੇ ਤੋਂ ਪਹਿਲਾਂ ਕਾਂਗਰਸ ਸੰਸਦੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਪਾਰਟੀ ਨੇਤਾਵਾਂ ਨਾਲ ਵਰਚੁਅਲ ਮੀਟਿੰਗ ਕੀਤੀ। ਮੀਟਿੰਗ ’ਚ ਰਾਜ ਸਭਾ ਵਿੱਚ ਨਵ-ਨਿਯੁਕਤ ਵਿਰੋਧੀ ਨੇਤਾ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ’ਚ ਸੰਸਦੀ ਦਲ ਦੇ ਨੇਤਾ ਅਧੀਰ ਰੰਜਨ ਚੌਧਰੀ ਦੇ ਨਾਲ ਜੀ-23 ਦੇ ਮੈਂਬਰ ਆਨੰਦ ਸ਼ਰਮਾ ਅਤੇ ਮਨੀਸ਼ ਤਿਵਾੜੀ ਵੀ ਸ਼ਾਮਲ ਹੋਏ। ਮੀਟਿੰਗ ’ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਏ.ਕੇ. ਐਂਟਨੀ ਅਤੇ ਜੈਰਾਮ ਰਾਮੇਸ਼ ਵੀ ਸ਼ਾਮਲ ਹੋਏ, ਜਿੱਥੇ ਕਾਂਗਰਸ ਵੱਲੋਂ ਮੁੱਖ ਮੁੱਦਿਆਂ, ਜਿਵੇਂ ਕਿਸਾਨ ਸੰਘਰਸ਼, ਪੈਟਰੋਲੀਅਮ ਕੀਮਤਾਂ ਅਤੇ ਬੇਰੁਜ਼ਗਾਰੀ ਆਦਿ, ਨੂੰ ਲੈ ਕੇ ਸਰਕਾਰ ਦੇ ਟਾਕਰੇ ਲਈ ਰਣਨੀਤੀ ’ਤੇ ਚਰਚਾ ਕੀਤੀ ਗਈ। ਇਸੇ ਦੌਰਾਨ ਸੋਸ਼ਲ ਮੀਡੀਆ ਨਿਯਮਾਂ ਦੇ ਮੁੱਦੇ ’ਤੇ ਵੀ ਕਾਂਗਰਸ ਨੇ ਸਰਕਾਰ ਤੋਂ ਜਵਾਬ ਮੰਗਿਆ ਹੈ। ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ, ‘ਕਰੋਨਾ ਮਹਾਮਾਰੀ ਦੇ ਅਜਿਹੇ ਔਖੇ ਸਮੇਂ ਜਦੋਂ ਪੂੂਰੀ ਦੁਨੀਆਂ ਸਣੇ ਅਸੀਂ ਸਾਰੇ ਵੀ ਸਰਕਾਰ ਨਾਲ ਚੱਟਾਨ ਵਾਂਗ ਖੜ੍ਹੇ। ਸਾਨੂੰ ਲੱਗਦਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੀਆਂ ਜ਼ਿੰਦਗੀਆਂ, ਸਾਡੀ ਰੋਜ਼ੀ ਰੋਟੀ ਅਤੇ ਇਸ ਸੰਕਟ ’ਚੋਂ ਨਿਕਲਣ ਬਾਰੇ ਸੋਚ ਰਹੇ ਹਨ। ਪਰ ਨਹੀਂ, ਅਸਲ ਵਿੱਚ ਉਹ ਮੀਡੀਆ ’ਤੇ ਕੰਟਰੋਲ ਕਰਕੇ ਪ੍ਰਗਟਾਵੇ ਦੀ ਆਜ਼ਾਦੀ ਖੋਹਦਿਆਂ ਸਾਡੀ ਪਿੱਠ ’ਚ ਛੁਰਾ ਮਾਰਨ ਦੀ ਤਿਆਰੀ ਕਰ ਰਹੇ ਸਨ।’