ਅਮਰੀਕਾ ਦੇ ਕੈਮੀਕਲ ਪਲਾਂਟ ਵਿੱਚ ਧਮਾਕਾ, 60,000 ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ
- Written by Asli Punjabi
- Published in USA News
ਟੈਕਸਾਸ - ਅਮਰੀਕਾ ਦੇ ਇਕ ਰਸਾਇਣ ਪਲਾਂਟ ਵਿੱਚ ਲਗਾਤਾਰ ਕਈ ਧਮਾਕੇ ਹੋਣ ਮਗਰੋਂ ਅਧਿਕਾਰੀਆਂ ਨੇ ਕਿਹਾ ਕਿ ਅਜੇ ਉਹ ਇਹ ਨਹੀਂ ਦੱਸ ਸਕਦੇ ਕਿ ਅੱਗ ਤੇ ਕਦੋਂ ਤਕ ਕਾਬੂ ਪਾਇਆ ਜਾ ਸਕਦਾ ਹੈ, ਇਸੇ ਲਈ ਨੇੜਲੇ ਘਰਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ| ਸਥਾਨਕ ਸਮੇਂ ਮੁਤਾਬਕ ਤੜਕੇ 1 ਵਜੇ ਟੀ. ਪੀ. ਸੀ. ਗਰੁੱਪ ਪਲਾਂਟ ਵਿੱਚ ਧਮਾਕਾ ਹੋਣ ਕਾਰਨ 3 ਮਜ਼ਦੂਰ ਜ਼ਖਮੀ ਹੋ ਗਏ| ਅਧਿਕਾਰੀਆਂ ਵਲੋਂ ਨੇੜਲੇ ਰਿਹਾਇਸ਼ੀ ਇਲਾਕੇ ਦੇ 60,000 ਵਿਅਕਤੀਆਂ ਨੂੰ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ| ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਛੋਟੇ-ਛੋਟੇ ਕਈ ਧਮਾਕੇ ਹੋਏ ਤੇ ਬਾਅਦ ਵਿੱਚ ਇਕ ਵੱਡਾ ਧਮਾਕਾ ਹੋਇਆ ਤੇ ਅੱਗ ਦਾ ਵੱਡਾ ਗੋਲਾ ਹਵਾ ਵਿੱਚ ਜਾਂਦਾ ਹੋਇਆ ਦੇਖਿਆ ਗਿਆ| ਇਲਾਕੇ ਦੇ 4 ਮੀਲ ਤਕ ਦੇ ਖੇਤਰ ਨੂੰ ਖਾਲੀ ਕਰਵਾਉਣ ਲਈ ਕਹਿ ਦਿੱਤਾ ਗਿਆ ਹੈ| ਟੀ. ਪੀ. ਸੀ. ਗਰੁੱਪ ਦੇ ਡਾਇਰੈਕਟਰ ਟਰੋਏ ਮੋਂਕ ਨੇ ਕਿਹਾ ਕਿ ਉਹ ਨੇੜਲੇ ਸਟੋਰੇਜ ਟੈਂਕਾਂ ਨੂੰ ਠੰਡਾ ਰੱਖਣ ਦੀ ਕੋਸ਼ਿਸ਼ ਵਿੱਚ ਜੁਟੇ ਹਨ| ਜਾਣਕਾਰੀ ਮੁਤਾਬਕ ਧਮਾਕੇ ਸਮੇਂ ਕਈ ਲੋਕ ਪਲਾਂਟ ਵਿੱਚ ਮੌਜੂਦ ਸਨ| ਇਸ ਦੌਰਾਨ ਇਕ ਕਾਂਟਰੈਕਟਰ ਤੇ ਦੋ ਕਰਮਚਾਰੀ ਜ਼ਖਮੀ ਹੋ ਗਏ| ਅਧਿਕਾਰੀਆਂ ਨੇ ਲੋਕਾਂ ਨੂੰ ਧਮਾਕੇ ਵਾਲੇ ਇਲਾਕੇ ਤੋਂ ਦੂਰ ਰਹਿਣ ਦਾ ਅਪੀਲ ਕੀਤੀ ਹੈ|