updated 5:59 AM UTC, Feb 21, 2020
Headlines:

ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਬਿਜਲੀ ਸਮਝੌਤਿਆਂ 'ਤੇ ਵਾਈਟ ਪੇਪਰ ਛੇਤੀ : ਕੈਪਟਨ

Featured ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਬਿਜਲੀ ਸਮਝੌਤਿਆਂ 'ਤੇ ਵਾਈਟ ਪੇਪਰ ਛੇਤੀ : ਕੈਪਟਨ

ਬਿਜਲੀ ਸਬਸਿਡੀ ਅਤੇ ਸਮਾਜਿਕ ਸੁਰੱਖਿਆ ਪੈਨਸ਼ਨਾਂ ਲਈ 370 ਕਰੋੜ ਰੁਪਏ ਜਾਰੀ
ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਵਿਵਾਦਗ੍ਰਸਤ ਬਿਜਲੀ ਖਰੀਦ ਸਮਝੌਤਿਆਂ ਦੇ ਸਬੰਧ ਵਿੱਚ ਅਕਾਲੀਆਂ ਵੱਲੋਂ ਕੀਤੇ ਫ਼ਰੇਬ ਦਾ ਪਰਦਾਫਾਸ਼ ਕਰਨ ਲਈ ਉਨ੍ਹਾਂ ਦੀ ਸਰਕਾਰ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਵਾਈਟ ਪੇਪਰ ਲਿਆਵੇਗੀ। ਅੱਜ ਇੱਥੇ ਵਿਧਾਨ ਸਭਾ ਦੇ ਦੋ-ਰੋਜ਼ਾ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਰਾਜਪਾਲ ਦੇ ਭਾਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਵਾਈਟ ਪੇਪਰ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਪਾਵਰ ਪਲਾਂਟ ਸਥਾਪਤ ਕਰਨ ਸਬੰਧੀ ਕੀਤੇ ਸਮਝੌਤਿਆਂ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਦਾ ਖੁਲਾਸਾ ਕਰੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੇਈਮਾਨ ਕਿਰਦਾਰ ਵਾਲੇ ਅਕਾਲੀਆਂ ਨੇ ਪਹਿਲਾਂ ਤਾਂ ਬਿਜਲੀ ਸਮਝੌਤਿਆਂ ਸਮੇਤ ਵੱਖ-ਵੱਖ ਮਾਰੂ ਕਦਮਾਂ ਰਾਹੀਂ ਸੂਬੇ ਦੇ ਅਰਥਚਾਰੇ ਦਾ ਭੱਠਾ ਬਿਠਾ ਕੇ ਰੱਖ ਦਿੱਤਾ ਤੇ ਹੁਣ ਇਹੋ ਅਕਾਲੀ ਆਪਣੇ ਸੌੜੇ ਸਿਆਸੀ ਮੁਫਾਦਾਂ ਲਈ ਉਨ੍ਹਾਂ ਦੀ ਸਰਕਾਰ ਵਿਰੁੱਧ ਇਸ ਮੁੱਦੇ ਨੂੰ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ।ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਹੇਠਲੀ ਅਦਾਲਤ ਵਿੱਚ ਇਸ ਮਾਮਲੇ 'ਤੇ ਕੇਸ ਜਿੱਤ ਲਿਆ ਸੀ ਪਰ ਸੁਪਰੀਮ ਕੋਰਟ ਦਾ ਫੈਸਲਾ ਉਨ੍ਹਾਂ ਵਿਰੁੱਧ ਚਲਾ ਗਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹੁਣ ਸੁਪਰੀਮ ਕੋਰਟ ਵਿੱਚ ਕੇਸ ਲੜ ਰਹੀ ਹੈ। ਉਨ੍ਹਾਂ ਚੇਤੇ ਕੀਤਾ ਕਿ ਜਦੋਂ ਵਿਰੋਧੀ ਧਿਰ ਵਿੱਚ ਸਨ ਤਾਂ ਉਹ ਖੁਦ ਇੰਡੀਆ ਬੁਲਜ਼ ਪਲਾਂਟ ਖਿਲਾਫ਼ ਧਰਨੇ 'ਤੇ ਬੈਠੇ ਸਨ। ਉਸ ਮੌਕੇ ਦੀ ਅਕਾਲੀ ਸਰਕਾਰ ਨੇ ਇੰਡੀਆ ਬੁਲਜ਼ ਨਾਲ ਬਿਜਲੀ ਪਲਾਂਟ ਲਾਉਣ ਲਈ ਐਮ.ਓ.ਯੂ. ਕਰਨ ਵਾਸਤੇ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐਨ.ਟੀ.ਪੀ.ਸੀ.) ਦਾ ਗਿੱਦੜਬਾਹਾ ਪਾਵਰ ਪ੍ਰਾਜੈਕਟ ਰੱਦ ਕਰ ਦਿੱਤਾ ਸੀ ਅਤੇ ਤਤਕਾਲੀ ਸਰਕਾਰ ਬਿਜਲੀ ਪਲਾਂਟ ਦੀ ਸਥਾਪਨਾ ਲਈ ਆਲਮੀ ਟੈਂਡਰ ਦੀ ਤੈਅ ਪ੍ਰਕ੍ਰਿਆ ਦੇ ਵਿਰੁੱਧ ਗਈ ਸੀ ਅਤੇ ਵਿਵਾਦਗ੍ਰਸਤ ਪ੍ਰਾਜੈਕਟ ਲਈ ਗਿੱਦੜਬਾਹਾ ਵਿੱਚ ਕਿਸਾਨਾਂ ਪਾਸੋਂ ਜ਼ਮੀਨ ਜਬਰੀ ਖਾਲੀ ਕਰਵਾਈ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਹਰ ਹਾਲ ਵਿੱਚ ਇਹ ਯਕੀਨੀ ਬਣਾਇਆ ਜਾਵੇਗਾ ਕਿ ਲੋਕਾਂ ਨੂੰ ਕੋਈ ਨੁਕਸਾਨ ਨਾ ਹੋਵੇ। ਇਹ ਪੁੱਛੇ ਜਾਣ 'ਤੇ ਕੀ ਸੂਬਾ ਸਰਕਾਰ ਵੀ ਕੇਰਲਾ ਸਰਕਾਰ ਵਾਂਗ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਵਿਰੁੱਧ ਮਤਾ ਲਿਆਏਗੀ ਤਾਂ ਮੁੱਖ ਮੰਤਰੀ ਨੇ ਜਵਾਬ ਵਿੱਚ ਕਿਹਾ,''ਭਲਕ ਤੱਕ ਉਡੀਕ ਕਰੋ।'' ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਵਿੱਤ ਵਿਭਾਗ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਡ (ਪੀ.ਐਸ.ਪੀ.ਸੀ.ਐਲ.) ਨੂੰ ਬਿਜਲੀ ਸਬਸਿਡੀ ਦੇ ਨਾਲ-ਨਾਲ ਦਸੰਬਰ, 2019 ਲਈ ਸਮਾਜਿਕ ਸੁਰੱਖਿਆ ਪੈਨਸ਼ਨਾਂ ਵੰਡਣ ਲਈ 370 ਕਰੋੜ ਰੁਪਏ ਜਾਰੀ ਕੀਤੇ ਹਨ। ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ 370 ਕਰੋੜ ਰੁਪਏ ਵਿੱਚੋਂ 200 ਕਰੋੜ ਰੁਪਏ ਪੀ.ਐਸ.ਪੀ.ਸੀ.ਐਲ. ਨੂੰ ਖੇਤੀਬਾੜੀ ਲਈ ਕਿਸਾਨਾਂ ਨੂੰ ਦਿੱਤੀ ਜਾਂਦੀ ਸਬਸਿਡੀ ਦੇ ਇਵਜ਼ ਵਿੱਚ ਜਾਰੀ ਕੀਤੇ ਹਨ ਜਦਕਿ 170 ਕਰੋੜ ਰੁਪਏ ਦਸੰਬਰ, 2019 ਲਈ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੀ ਅਦਾਇਗੀ ਕਰਨ ਲਈ ਜਾਰੀ ਕੀਤੇ ਗਏ ਹਨ।

New York