ਲੰਡਨ ਬ੍ਰਿਜ਼ ਨੇੜੇ ਅੱਤਵਾਦੀ ਹਮਲੇ ਵਿੱਚ 2 ਵਿਅਕਤੀਆਂ ਦੀ ਮੌਤ, ਸ਼ੱਕੀ ਵਿਅਕਤੀ ਪੁਲੀਸ ਵਲੋਂ ਢੇਰ
- Written by Asli Punjabi
- Published in World News
ਲੰਡਨ - ਬ੍ਰਿਟੇਨ ਦੇ ਮਸ਼ਹੂਰ ਲੰਡਨ ਬ੍ਰਿਜ਼ ਨੇੜੇ ਹੋਈ ਛੁਰੇਬਾਜ਼ੀ ਨੂੰ ਅੱਤਵਾਦੀ ਘਟਨਾ ਐਲਾਨ ਦਿੱਤਾ ਹੈ, ਜਿਸ ਵਿੱਚ 2 ਵਿਅਕਤੀ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ| ਸਕਾਟਲੈਂਡ ਯਾਰਡ ਨੇ ਫਰਜ਼ੀ ਵਿਸਫੋਟਕ ਜੈਕੇਟ ਪਾਏ ਇਕ ਸ਼ੱਕੀ ਪੁਰਸ ਨੂੰ ਘਟਨਾ ਵਾਲੀ ਥਾਂ ਤੇ ਢੇਰ ਕਰਨ ਦੀ ਪੁਸ਼ਟੀ ਕੀਤੀ| ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਕ ਬਿਆਨ ਵਿੱਚ ਕਿਹਾ ਕਿ ਜਾਂਚ ਜਾਰੀ ਹੈ| ਪੁਲੀਸ ਪੁਸ਼ਟੀ ਕਰ ਸਕਦੀ ਹੈ ਕਿ ਇਹ ਇਕ ਅੱਤਵਾਦੀ ਘਟਨਾ ਹੈ|ਸਕਾਟਲੈਂਡ ਯਾਰਡ ਦੇ ‘ਹੈਡ ਆਫ ਕਾਊਂਟਰ ਟੈਰੇਰੀਜ਼ਮ ਪੁਲਿਸਿੰਗ’ ਦੇ ਸਹਾਇਕ ਕਮਿਸ਼ਨਰ ਨੀਲ ਬਸੁ ਨੇ ਦੱਸਿਆ ਕਿ ਕਈ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ| ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਦੁਪਹਿਰ ਕਰੀਬ 2 ਵਜੇ ਪੁਲੀਸ ਨੂੰ ਛੁਰੇਬਾਜ਼ੀ ਦੀ ਘਟਨਾ ਦੀ ਜਾਣਕਾਰੀ ਮਿਲੀ| ਸਿਟੀ ਆਫ ਲੰਡਨ ਪੁਲਸ ਦੇ ਮਾਹਿਰ ਹਥਿਆਰਬੰਦ ਅਧਿਕਾਰੀਆਂ ਨੇ ਸ਼ੱਕੀ ਮਰਦ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ ਅਤੇ ਉਹ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਨ ਇਸ ਸ਼ੱਕੀ ਦੀ ਮੌਕੇ ਤੇ ਹੀ ਮੌਤ ਹੋ ਗਈ| ਸਰਕਾਰੀ ਸੂਤਰ ਨੇ ਬੀ. ਬੀ. ਸੀ. ਨੂੰ ਪੁਸ਼ਟੀ ਕੀਤੀ ਕਿ ਜਨਤਾ ਵਿਚਾਲੇ ਘਟਨਾ ਵਾਲੀ ਥਾਂ ਤੋਂ ਹਸਪਤਾਲ ਲਿਜਾਏ ਗਏ 2 ਵਿਅਕਤੀਆਂ ਦੀ ਮੌਤ ਹੋ ਗਈ| ਬ੍ਰਿਟੇਨ ਦੇ ਅੱਤਵਾਦ ਵਿਰੋਧੀ ਅਧਿਕਾਰੀਆਂ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ ਅਤੇ ਘਟਨਾ ਨੂੰ ਹੁਣ ਅੱਤਵਾਦੀ ਘਟਨਾ ਐਲਾਨ ਕਰ ਦਿੱਤਾ ਗਿਆ ਹੈ| ਪੁਲੀਸ ਨੇ ਬ੍ਰਿਜ਼ ਦੀ ਘੇਰਾਬੰਦੀ ਕਰ ਦਿੱਤੀ ਹੈ| ਲੰਡਨ ਬ੍ਰਿਜ਼ ਉਨ੍ਹਾਂ ਇਲਾਕਿਆਂ ਵਿੱਚੋਂ ਇਕ ਹੈ ਜਿਥੇ ਜੂਨ 2017 ਵਿੱਚ ਆਈ. ਐਸ. ਆਈ. ਐਸ. ਦੇ ਅੱਤਵਾਦੀ ਹਮਲੇ ਵਿੱਚ 11 ਵਿਅਕਤੀਆਂ ਦੀ ਮੌਤ ਹੋ ਗਈ ਸੀ|