ਜੰਗ ਨਾਲ ਹੱਲ ਨਹੀਂ ਹੋਣਾ ਕਸ਼ਮੀਰ ਮਸਲਾ : ਇਮਰਾਨ
- Written by Asli Punjabi
- Published in World News
ਇਸਲਾਮਾਬਾਦ - ਕਸ਼ਮੀਰ ਦਾ ਮਸਲਾ ਜੰਗ ਨਾਲ ਹੱਲ ਨਹੀਂ ਹੋ ਸਕਦਾ। ਇਹ ਸਿਰਫ ਗੱਲਬਾਤ ਰਾਹੀਂ ਹੀ ਹੱਲ ਹੋ ਸਕਦਾ ਹੈ ਅਤੇ ਉਸ ਦੇ ਲਈ ਦੋ-ਤਿੰਨ ਬਦਲ ਹਨ। ਉਨ੍ਹਾਂ 'ਤੇ ਪਾਕਿਸਤਾਨ ਅਤੇ ਭਾਰਤ ਵਿਚਾਰ ਕਰ ਸਕਦੇ ਹਨ। ਸੋਮਵਾਰ ਨੂੰ ਇਹ ਗੱਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਹੀ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਅਤੇ ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਨੇ ਉਨ੍ਹਾਂ ਨੂੰ ਕਿਹਾ ਸੀ ਕਿ 2004 ਦੀਆਂ ਲੋਕ ਸਭਾ ਚੋਣਾਂ ਵਿਚ ਜੇਕਰ ਭਾਜਪਾ ਦੀ ਹਾਰ ਨਾ ਹੁੰਦੀ ਤਾਂ ਕਸ਼ਮੀਰ ਮਸਲੇ ਦਾ ਹੱਲ ਹੋ ਜਾਂਦਾ। ਭਾਰਤ ਨਾਲ ਰਿਸ਼ਤਿਆਂ ਨੂੰ ਸੁਧਾਰਣ ਦੀ ਇੱਛਾ ਜਤਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਬਣਾਉਣ ਦਾ ਫੈਸਲਾ ਕੋਈ ਗੁਗਲੀ ਨਹੀਂ ਹੈ। ਇਹ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਲਈ ਲਿਆ ਗਿਆ ਫੈਸਲਾ ਹੈ। ਇਮਰਾਨ ਨੇ ਅਜਿਹਾ ਕਹਿ ਕੇ ਆਪਣੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਉਸ ਬਿਆਨ ਦਾ ਖੰਡਨ ਕੀਤਾ ਹੈ, ਜਿਸ ਵਿਚ ਲਾਂਘਾ ਖੋਲੇ ਜਾਣ ਨੂੰ ਇਮਰਾਨ ਦੀ ਗੁਗਲੀ ਕਹਿ ਦਿੱਤਾ ਸੀ। ਜ਼ਿਕਰਯੋਗ ਹੈ ਕਿ 28 ਨਵੰਬਰ ਨੂੰ ਪਾਕਿਸਤਾਨ ਵਿਚ ਇਮਰਾਨ ਖਾਨ ਵਲੋਂ ਕਰਤਾਰਪੁਰ ਲਾਂਘੇ ਦੀ ਨੀਂਹ ਰੱਖੀ ਗਈ ਸੀ, ਜਿਸ ਵਿਚ ਭਾਰਤ ਤੋਂ ਕਈ ਸਿਆਸੀ ਆਗੂ ਅਤੇ ਸਿੱਖ ਸ਼ਰਧਾਲੂ ਹਾਜ਼ਰ ਹੋਏ ਸਨ।